ਮੱਘਰ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ 16 ਨਵੰਬਰ 2018

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥ {ਪੰਨਾ 135}

ਅਰਥ: ਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ। ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।

ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ। ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।

ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ) ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ।

ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ। ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ।10।

ਕਤਕ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ 17 ਅਕਤੂਬਰ 2018

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੧ਓ ਸਤਿਗੁਰ ਪ੍ਰਸਾਦਿ ॥
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ਵਿਚ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭਿ ਬਿਓਗ ॥ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

ਵਿਆਖਿਆ :

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੧ਓ ਸਤਿਗੁਰ ਪ੍ਰਸਾਦਿ ॥
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ ।ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ ।ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ ।ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ ।(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ ।(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ।(ਨਾਨਕ ਦੀ ਤਾਂ ਇਹੀ ਬੇਨਤੀ ਹੈ—) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ ।ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ।੯।

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

ਅੱਸੂ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ 17 ਸਤੰਬਰ 2018

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ ਜਿੰਨ੍ੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ । ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ । (ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ । (ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ । ਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ, ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ—ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ । ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ, (ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ । ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ । ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ।੮।

https://www.facebook.com/angithasahib/
ਪੇਜ ਨੂੰ ਵੱਧ ਤੋਂ ਵੱਧ ਲਾਈਕ ਤੇ ਸੇਅਰ ਜਰੂਰ ਕਰੋ ਜੀ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

ਪਹਿਲਾ ਪ੍ਕਾਸ਼ ਗੁਰੂ ਗ੍ੰਥ ਸਾਹਿਬ ਜੀ ਦਾ
ਭਾਈ ਗੁਰਦਾਸ ਦੀ ਉਗਾਹੀ ਮੂਜਬ ੧੬੦੪ ਨੂੰ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿੱਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿੱਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਅੰਗ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿੱਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (੧੬੦੪ ਈ) ਅੱਜ ਦੇ ਦਿਨ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਨ ੧੬੦੪(1604) ਈਸਵੀ ਵਿੱਚ ਹੋਇਆ, ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੀਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਪੁੱਜੇ ਅਤੇ ਪਹਿਲਾਂ ਪ੍ਰਕਾਸ਼ ਭਾਦੋਂ ਸੁਦੀ ਪਹਿਲੀ ਸੰਮਤ 1661, ੧ ਸਤੰਬਰ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਇਹ ਸੁਭਾਗ ਸੀ, ਕਿ ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਸਨ, ਰੂਹਾਨੀਅਤ ਦੇ ਮੁਜੱਸਮੇ ਅਤੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਜਾਨ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਹੋਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਕੋਟਿਨ ਕੋਟ ਮੁਬਾਰਕਾਂ !! ਜੁਗੋ-ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ… ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ…

ਸਿੱਖਾਂ ਦੇ ਧਾਰਮਿਕ ਗ੍ਰੰਥ ਦਾ ਪਹਿਲਾ ਰੂਪ ਪੋਥੀਆਂ ਸਨ ਜਿਹਨਾਂ ਵਿੱਚ ਪਹਿਲੇ ਚਾਰ ਗੁਰੂਆਂ ਦੀ ਬਾਣੀ ਦਰਜ ਕੀਤੀ ਹੋਈ ਸੀ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਵਿਸ਼ੇਸ਼,ਸੰਯੁਕਤ ਅਤੇ ਸੰਪੂਰਨ ਗ੍ਰੰਥਰਚਣ ਦੇ ਮਨੋਰਥ ਨਾਲ ਇਹ ਬਾਣੀ ਪਰਾਪਤ ਕੀਤੀ ਅਤੇ ਇਸ ਸੰਕਲਨ ਵਿੱਚ ਆਪਣੀ ਬਾਣੀ ਅਤੇ 31 ਹੋਰ ਭਾਰਤੀ ਸੰਤਾਂ-ਭਗਤਾਂ ਦੀਆਂ ਰਚਨਾਵਾਂ ਸ਼ਾਮਲ ਕਰਦੇ ਹੋਏ ਇੱਕ ਅਨੋਖਾ ਸੰਗ੍ਰਹਿ ਤਿਆਰ ਕੀਤਾ। ਇਸ ਗ੍ਰੰਥ ਨੂੰ ਲਿਖਣ ਦਾ ਕਾਰਜ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ। 1604 ਈ. ਵਿੱਚ ਇਸ ਸੰਗ੍ਰਹਿ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਰਕਾਸ਼ ਕੀਤਾ ਗਿਆ ਅਤੇ ਇਸ ਤਰ੍ਹਾਂ ਇਸ ਨੂੰ ਸਿੱਖਾਂ ਦੇ ਧਾਰਮਿਕ ਗ੍ਰੰਥ ਵਜੋਂ ਮਾਨਤਾ ਦੇ ਦਿਤੀ ਗਈ। ਇਸ ਗ੍ਰੰਥ ਨੂੰ ਰੂਹਾਨੀਅਤ ਦਾ ਉਚੇਰਾ ਦਰਜਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਦੇ ਦਿਤਾ ਸੀ ਕਿਉਂਕਿ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹ ਆਪ ਵੀ ਭੋਂਇੰ ਤੇ ਹੀ ਬਿਰਾਜਮਾਨ ਹੁੰਦੇ ਸਨ। ਸਿੱਖਾਂ ਦੇ ਇਸ ਗ੍ਰੰਥ ਨੂੰ ਪਹਿਲਾਂ “ਪੋਥੀ ਸਾਹਿਬ” ਦਾ ਨਾਮ ਦਿਤਾ ਗਿਆ ਸੀ ਪਰ ਬਾਦ ਵਿੱਚ ਇਹ ਬਦਲ ਕੇ “ਆਦਿ ਗ੍ਰੰਥ” ਹੋ ਗਿਆ।

ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਕੋਟਾਨ-ਕੋਟ ਵਧਾਈ ਹੋਵੇ ਜੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਸਾਂਭ-ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ ਸਨ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ। ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਏ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ‘ਆਦਿ ਗ੍ਰੰਥ’ ਦਾ ਸੰਕਲਨ ਕੀਤਾ। ਭਾਈ ਗੁਰਦਾਸ ਜੀ, ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇਕ ਸਨ, ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਅਗਵਾਈ ਹੇਠ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ। ਗੁਰੂ ਸਾਹਿਬ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿਚ ਤਰਤੀਬ ਅਨੁਸਾਰ ਲਿਖਵਾਇਆ। ਗੁਰੂ ਸਾਹਿਬ ਦੀ ਬਾਣੀ ਮਹਲਾ 1,2,3,4,5 ਆਦਿ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ।ਸੰਪਾਦਨਾ ਦਾ ਇਹ ਮਹਾਨ ਕਾਰਜ ਸੰਮਤ 1661 ਬਿਕ੍ਰਮੀ (1604 ਈ:) ਨੂੰ ਸੰਪੰਨ ਹੋਇਆ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸੇ ਸਾਲ ਹੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਬਿਰਾਜਮਾਨ ਕਰ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਦੀ ਸ਼ਮੂਲੀਅਤ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦਿਆਂ, ਫੁੱਲਾਂ ਦੀ ਵਰਖਾ ਕਰਦੇ ਹੋਏ, ਪੂਰਨ ਸ਼ਰਧਾ, ਸਤਿਕਾਰ ਅਤੇ ਪਿਆਰ ਨਾਲ ਸੁੰਦਰ ਪੀੜ੍ਹੇ ’ਤੇ ਸੁਭਾਇਮਾਨ ਕੀਤਾ ਗਿਆ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਸਮੂਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਿਰਾਜਮਾਨ ਹੋ ਗਈਆਂ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕਰਕੇਉਪਰੰਤ ਹੁਕਮਨਾਮਾ ਲਿਆ, ਉਸ ਸਮੇਂ ਜੋ ਹੁਕਮਨਾਮਾ ਸੰਗਤਾਂ ਨੂੰ ਪ੍ਰਾਪਤ ਹੋਇਆ ਉਹ ਇਹ ਸੀ:ਸੰਤਾ ਕੇ ਕਾਰਜਿ ਆਪਿ ਖਲੋਇਆਹਰਿ ਕੰਮੁ ਕਰਾਵਣਿ ਆਇਆ ਰਾਮ॥(ਪੰਨਾ 783

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰਿਆ ਨੂੰ ” ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ” ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਕੋਟਾਨ ਕੋਟਾਨ ਵਧਾਈਆਂ ਜੀ.ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਦੀ ਦਾਤ, ਬਾਣੀ ਤੇ ਬਾਣੇ ਦੀ ਦਾਤ, ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਜੀ.

ਗੁਰੂ ਗ੍ਰੰਥ ਸਾਹਿਬ ਬਾਰੇ ਮੁਢਲੀ ਜਾਣਕਾਰੀ … ਭਾਗ 1

1. (ਗੁਰੂ) ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ –1604 ਸੰਤਬਰ

2.ਪਹਿਲਾ ਸੰਕਲਨ ਕਰਤਾ -ਗੁਰੂ ਅਰਜਨ ਸਾਹਿਬ

3.ਪਹਿਲਾ ਲਿਖਾਰੀ ਭਾਈ ਗੁਰਦਾਸ …

4.ਸਹਾਇਕ ਲਿਖਾਰੀ -1.ਸੰਤ ਦਾਸ

2.ਹਰੀਆ ਜੀ 3.ਸੁਖਾ ਜੀ 4.ਮਨਸਾ ਰਾਮ

5.ਪਹਿਲਾ ਗ੍ਰੰਥੀ -ਬਾਬਾ ਬੁਢਾ ਜੀ

6.ਪਹਿਲਾ ਪ੍ਰਕਾਸ਼ ਅਸਥਾਨ -ਦਰਬਾਰ ਸਾਹਿਬ (ਅੰਮ੍ਰਿਤਸਰ)

7.ਉਸ ਸਰੂਪ ਚ ਰਾਗ ਕਿੰਨੇ ਸਨ -30

8.ਕਿਨੇ ਮਹਾਪੁਰਸ਼ਾ ਦੀ ਬਾਣੀ ਦਰਜ ਸੀ -34

5 ਗੁਰਸਾਹਿਬਾਨ, 15 ਭਗਤ, 11 ਭਟ, 3ਗੁਰਿਸਖ

9.ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਦੀ ਕਿਸ ਨੇ ਦਿਤੀ –ਗੁਰੂ ਗੋਬਿੰਦ ਸਿੰਘ ਜੀ

10.ਕਦੋ ਤੇ ਕਿਥੇ.-20 ਅਕਤੂਬਰ 1708, ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ

11.ਗੁਰੂ ਗ੍ਰੰਥ ਸਾਹਿਬ ਦੇ ਕੁਲ ਪੰਨੇ -1430

12.ਗੁਰੂ ਗ੍ਰੰਥ ਸਾਹਿਬ ਚ ਕਿਨੇ ਰਾਗ ਹਨ -31 (ਜੈਜਾਵੰਤੀ ਚ ਸਿਰਫ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਹੈ)

13.ਗੁਰੂ ਗ੍ਰੰਥ ਸਾਹਿਬ ਚ ਕਿਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ -35

6 ਗੁਰਸਾਹਿਬਾਨ – 1.ਗੁਰੂ ਨਾਨਕ ਸਾਹਿਬ

2.ਗੁਰੂ ਅੰਗਦ ਸਾਹਿਬ

3.ਗੁਰੂ ਅਮਰਦਾਸ ਸਾਹਿਬ

4.ਗੁਰੂ ਰਾਮਦਾਸ ਸਾਹਿਬ

5.ਗੁਰੂ ਅਰਜਨ ਸਾਹਿਬ

6.ਗੁਰੂ ਤੇਗ ਬਹਾਦਰ ਸਾਹਿਬ

15 ਭਗਤਾਂ ਦੇ ਨਾਂ

1.ਕਬੀਰ ਜੀ

2.ਫਰੀਦ ਜੀ

3.ਨਾਮਦੇਵ ਜੀ

4.ਰਵਿਦਾਸ ਜੀ

5.ਸਧਨਾ ਜੀ

6.ਤ੍ਰਿਲੋਚਨ ਜੀ

7.ਭੀਖਣ ਜੀ

8.ਪਰਮਾਨੰਦ ਜੀ

9.ਜੈਦੇਵ ਜੀ

10.ਪੀਪਾ ਜੀ

11.ਧੰਨਾ ਜੀ

12.ਬੇਣੀ ਜੀ

13.ਸੂਰਦਾਸ ਜੀ

14.ਸੈਣ ਜੀ

15.ਰਾਮਾਨੰਦ ਜੀ

11 ਭਟਾਂ ਦੇ ਨਾਂ …

1.ਕਲ੍ ਜੀ

2.ਜਾਲਪ ਜੀ

3.ਕੀਰਤ ਜੀ

4.ਭਿਖਾ ਜੀ

5.ਸਲ੍ਹ ਜੀ

6.ਭਲ੍ਹ ਜੀ

7.ਨਲ੍ਹ ਜੀ

8.ਗੰਯਦ ਜੀ

9.ਮੁਥਰਾ ਜੀ

10.ਬਲ੍ਹ ਜੀ

11.ਹਰਿਬੰਸ ਜੀ

3 ਗੁਰਸਿਖਾਂ ਦੇ ਨਾਂ

1.ਬਾਬਾ ਸੁੰਦਰ ਜੀ

2.ਬਾਬਾ ਸੱਤਾ ਜੀ

3.ਬਾਬਾ ਬਲਵੰਡ ਜੀ

14.ਗੁਰੂ ਗ੍ਰੰਥ ਸਾਹਿਬ ਚ ਦਰਜ 31 ਰਾਗਾਂ ਦੇ ਨਾਂ …

1.ਸਿਰੀਰਾਗੁ

2.ਮਾਝ

3.ਗਉੜੀ

4.ਆਸਾ

5.ਗੂਜਰੀ

6.ਦੇਵਗੰਧਾਰੀ

7.ਬਿਹਾਗੜਾ

8.ਵਡਹੰਸੁ

9.ਸੋਰਠਿ

10.ਧਨਾਸਰੀ

11.ਜੈਤਸਰੀ

12.ਟੋਡੀ

13.ਬੈਰਾੜੀ

14.ਤਿਲੰਗ

15.ਸੂਹੀ

16.ਬਿਲਾਵਲੁ

17.ਗੋਡ

18.ਰਾਮਕਲੀ

19.ਨਟ

20.ਮਾਲੀ ਗਉੜਾ

21.ਮਾਰੂ

22.ਤੁਖਾਰੀ

23.ਕੇਦਾਰਾ

24.ਭੈਰਉ

25.ਬਸੰਤੁ

26.ਸਾਰੰਗ

27.ਕਾਨੜਾ

28.ਮਲਾਰ

29.ਕਲਿਆਣ

30.ਪ੍ਰਭਾਤੀ

31.ਜੈਜਾਵੰਤੀ

(ਰਾਗਾਂ ਦੀ ਸ਼ੁਰਆਤ 14 ਅੰਗ ਤੋ ਅਤੇ ਸਮਾਪਤੀ 1352 ਤੇ ਹੈ)

15.ਰਾਗ ਮੁਕਤ ਬਾਣੀਆਂ ਕਿਹੜੀਆਂ ਹਨ

1.ਜਪੁ ਨੀਸਾਣੁ

2.ਸੋ ਦਰ

3.ਸੋ ਪੁਰਖੁ

4.ਸੋਹਿਲਾ

(ਇਹ ਬਾਣੀਆ 1 ਤੋ 13 ਪੰਨੇ ਤਕ ਹਨ)

4.ਸਲੋਕ ਸਹਿਸਕ੍ਰਿਤੀ

5.ਗਾਥਾ

6.ਫੁਨਹੇ

7.ਚਉਬੋਲੇ

8.ਸਲੋਕ ਭਗਤ ਕਬੀਰ ਜੀ

9.ਸਲੋਕ ਭਗਤ ਫਰੀਦ ਜੀ

10.ਸਵਯੈ ਸ੍ਰੀ ਮੁਖਬਾਕ੍ਹ ਮ: 5

11.ਭਟਾਂ ਦੇ ਸ਼ਵਯੇ

12.ਸਲੋਕ ਵਾਰਾਂ ਤੇ ਵਧੀਕ

13.ਸਲੋਕ ਮਹਲਾ 9

14.ਮੁੰਦਾਵਣੀ

15.ਸਲੋਕ ਮ: 5

16.ਰਾਗਮਾਲਾ

(ਇਹ ਬਾਣੀਆ 1353 ਤੋ ਸ਼ੁਰੂ ਹੋ ਕਿ 1430 ਤੇ ਸਮਾਪਤ ਹੁੰਦੀਆਂ ਹਨ)

16.ਗੁਰੁ ਗ੍ਰੰਥ ਸਾਹਿਬ ਚ ਕਿੰਨੀਆਂ ਵਾਰਾਂ ਹਨ —- 22 ਵਾਰਾਂ

17.ਕਿਨੀਆਂ ਧੁਨੀਆਂ

ਭੁਲਾਂ ਚੁੱਕਾਂ ਦੀ ਖਿਮਾਂ 🙏

ਭਾਦੋਂ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ

         17 ਅਗਸਤ 2018 ਦਿਨ ਸੁੱਕਰਵਾਰ 
 
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ਪਕਿੜ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
 
ਵਿਆਖਿਆ :
 
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ,ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ ।ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ । (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) ।ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ) ।(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ ।(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੁ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ) ।ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ,ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ਵਿਚ ਨਹੀਂ ਪਾਏ ਜਾਂਦੇ ।੭।
https://www.facebook.com/angithasahib/
ਮੁੱਖ ਦਫ਼ਤਰ – 01672-289837, 289325
Whatsapp 94782-51026

ਮੱਸਿਆ ਦਾ ਦਿਹਾੜਾ

11 ਅਗਸਤ 2018 ਦਿਨ ਸਨੀਵਾਰ ਨੂੰ ਮੱਸਿਆ ਦਾ ਦਿਹਾੜਾ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜੀ ।

ਸਾਵਣਿ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ

ਅੱਜ 16 ਜੁਲਾਈ 2018 (ਦਿਨ ਸੋਮਵਾਰ) ਸਾਵਣਿ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ ਹੈ ਜੀ 

*ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪*
*ੴ ਸਤਿਗੁਰ ਪ੍ਰਸਾਦਿ ॥*
*ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥*

*ਅਰਥ: ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ। ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ। (ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ) । ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ, ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ। ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ। ਹੇ ਨਾਨਕ! (ਬੇਨਤੀ ਕਰ ਤੇ ਆਖ–) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ। ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ।6।*

🌟🌟🌟🌟🌟🌟
ੴ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ੴ

FB Page ਲਾਈਕ ਤੇ ਸੇਅਰ ਜਰੂਰ ਕਰੋ ਜੀ ਹਰਰੋਜ਼ ਲਾਈਵ ਗੁਰਬਾਣੀ ਕੀਰਤਨ,ਕਥਾ ਸਰਵਣ ਕਰੋ ਜੀ  -https://www.facebook.com/angithasahib/

appstore/Playstore-sant sewak jatha

ਫੋਨ ਨੰ:-01672-289837,289325

Whatsapp :-94782-51026

 

ਸ਼ਾਤੀ ਦੇ ਪੁੰਜ, ਧੀਰਜ ਅਤੇ ਨਿਮਰਤਾ, ਉਪਕਾਰ ਦੀ ਮੂਰਤ,ਪੰਜਵੇਂ ਗੁਰੂ ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਗੁਰੂ ਅਰਜਨ ਦੇਵ ਜੀ ਚੌਥੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਆਪ ਜੀ ਦਾ ਪ੍ਰਕਾਸ਼ ੧੫ ਅਪ੍ਰੈਲ, ੧੫੬੩ ਈਸਵੀ, ਵਿਚ ਮਾਤਾ ਭਾਨੀ ਜੀ ਦੀ ਕੁਖੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ।

ਗੁਰੂ ਅਰਜਨ ਸਾਹਿਬ ਦਾ ਬਚਪਨ, ਗੁਰੂ ਅਤੇ ਸੰਗਤਾਂ ਵਿਚ ਵਿਚਰਿਆ। ਜਿਸ ਸਦਕਾ ਸੇਵਾ, ਸਿਮਰਨ, ਸਿਆਣਪ, ਸਤਿਕਾਰ, ਨੇਮ ਅਤੇ ਪ੍ਰੇਮ, ਉਪਕਾਰਤਾ, ਨਿਮਰਤਾ, ਸ਼ਾਤ ਸੁਭਾਉ ਵਰਗੇ ਸ਼ੁਭ ਗੁਣ ਵਿਰਸੇ ਵਿਚ ਹੀ ਪ੍ਰਾਪਤ ਹੋਏ। ਗੁਰਬਾਣੀ ਦੀ ਡੂੰਘਾਈ ਨੂੰ ਅਤੇ ਕਾਵਿ ਸੈਲੀ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਗੁਰੂ ਅਮਰਦਾਸ ਪਾਤਿਸ਼ਾਹ ਨੇ ਕਿਹਾ ” ਦੋਹਿਤਾ ਬਾਣੀ ਕਾ ਬੋਹਿਥਾ ” ਉਥੇ ਭੱਟਾਂ ਨੇ ਬਾਣੀ ਵਿਚ ਉਪਮਾਂ ਲਿਖਦੇ ਕਿਹਾ “ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ” ਭਾਵ ਕਿ ਹੇ ਗੁਰੂ ਅਰਜਨ ਜੀ ਤੁਸੀਂ ਬਚਪਨ ਤੋਂ ਹੀ ਬ੍ਰਹਮ ਸਰੂਪ ਪਰਮਾਤਮਾਂ ਦੀ ਪਛਾਣ ਕਰ ਲਈ ਹੈ।

ਪੰਜਵੇਂ ਪਾਤਸ਼ਾਹ ਜੀ ਨੇ ਜਿੱਥੇ ਲਾਹੌਰ ਦੇ ਵਿਚ ਪਏ ਕਾਲ ਸਮੇਂ ਲੋੜਵੰਦਾਂ ਦੀ ਬਿਨਾਂ ਵਿਤਕਰੇ ਸੇਵਾ ਕਰਕੇ ਆਪਾ ਪਰਕਾ ਦੀ ਭਾਵਨਾਂ ਨੂੰ ਦੂਰ ਕੀਤਾ, ਉਥੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਕਰਕੇ ਊਚ ਨੀਚ ਦੀ ਭਾਵਨਾਂ ਅਤੇ ਧਰਮ ਨਿਰਪੱਖ ਦੇ ਦ੍ਰਿਸ਼ਟਾਂਤ ਨੂੰ ਸਾਕਾਰ ਕੀਤਾ, ਕਈ ਖੂਹਾਂ ਬਾਉਲੀਂਆਂ ਦਾ ਵੀ ਨਿਰਮਾਣ ਕਰਵਾਇਆ।

ਸਿੱਖ ਧਰਮ ਵਿਚ ਗੁਰੂ ਜੀ ਨੇ ਸਿੱਖਾਂ ਨੂੰ ਨਿਰਡਰਤਾ,ਹੱਕ ਸੱਚ ਲਈ ਮਰਮਿਟਣ ਅਤੇ ਸਖੀ ਸਰਵਰ ਤੇ ਬੁੱਤ ਪੂਜਾ ਤੋਂ ਪੂਰਨ ਰੂਪ ਵਿਚ ਰੋਕਿਆ। ਧਰਮ ਦੇ ਪ੍ਰਚਾਰ ਲਈ ਦੂਰ ਦਰਾਡੇ ਪ੍ਰਚਾਰ ਸੈਂਟਰ ਖੋਲੇ ਗਏ।
ਸਿੱਖੀ ਦਾ ਵੱਧਦਾ ਪ੍ਰਚਾਰ ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੀ ਅਸਲ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਦੋ ਮੁੱਖ ਕਾਰਣ ਹਨ ,ਕਿਉਂਕਿ ਉਸ ਸਮੇਂ ਦਾ ਹਾਕਮ , ਜਹਾਂਗੀਰ ਕੱਟੜ ਮੁਸਲਮਾਨ ਬਾਦਸ਼ਾਹ ਸੀ, ਜਿਸ ਦੇ ਇਰਦ ਗਿਰਦ ਫਿਰਕੂ ਮੌਲਾਣਿਆਂ ਦਾ ਬੜਾ ਦਬਦਬਾ ਸੀ ਜੋ ਸਿੱਖ ਧਰਮ ਤੋਂ ਈਰਖਾ ਕਰਦੇ ਸਨ, ਅਤੇ ਗੁਰੂ ਸਾਹਿਬ ਨੂੰ ਰਸਤੇ ਤੋਂ ਪਰਾ ਹਟਾਉਣਾਂ ਚਾਹੁੰਦੇ ਸਨ। ਜਹਾਂਗੀਰ ਕਿਸੇ ਮੌਕੇ ਦੀ ਤਲਾਸ਼ ਵਿਚ ਸੀ, ਇਨੀ ਦਿਨੀ ਜਹਾਂਗੀਰ ਦੇ ਪੁੱਤਰ ਖ਼ੁਸ਼ਰੋ ਨੇ ਬਗਾਵਤ ਕੀਤੀ ਅਤੇ ਉਹ ਲਾਹੌਰ ਵੱਲ ਨੂੰ ਆਪਣੀਆਂ ਫੌਜਾਂ ਲੈ ਕੇ ਰਵਾਨਾ ਹੋਇਆ ,ਬਿਆਸ ਤੋਂ ਲੰਘਦਿਆਂ, ਸੰਭਵ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਮਿਲਣ ਵਾਸਤੇ ਗੋਇੰਦਵਾਲ ਗਿਆ ਹੋਵੇ। ਪਿਛੋਂ ਜਦ ਜਹਾਂਗੀਰ ਨੇ ਖ਼ੁਸ਼ਰੋ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਉਸ ਹਰ ਸ਼ਖਸ਼, ਜਿਸ ਨੁੰ ਖ਼ੁਸ਼ਰੋ ਨਾਲ ਮਿਲ ਵਰਤੋਂ ਕੀਤੀ ਸੀ, ਨੂੰ ਗ੍ਰਿਫ਼ਤਾਰ ਕਰਨ ਦੇ ਹੁੱਕਮ ਜਾਰੀ ਕੀਤੇ।

ਇਸੇ ਹੁੱਕਮ ਤਹਿਤ ੨੫ ਮਈ ਨੂੰ ਗੁਰੂ ਅਰਜਨ ਦੇਵ ਜੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਚੰਦੂ ਵਰਗੇ ਚੁਗਲਖੋਰਾ ਅਤੇ ਬ੍ਰਹਮਣਾਂ ਨੇ ਜੋ ਗੁਰੂ ਜੀ ਨਾਲ ਈਰਖਾ ਕਰਦੇ ਸਨ, ਝੂਠੇ ਇਲਜਾਮ ਲਗਾ ਕੇ ਮੁਕੱਦਮਾ ਚਲਵਾ ਦਿੱਤਾ ੨੫ ਮਈ ਨੂੰ ਹੀ ਗੁਰੂ ਜੀ ਨੇ ਹਰਿਗੋਬਿੰਦ ਜੀ ਨੂੰ ਮੀਰੀ ਪੀਰੀ ਦੇ ਮਿਸ਼ਨ ਤਹਿਤ ਗੁਰਗੱਦੀ ਦੀ ਸੇਵਾ ਸੰਭਾਲ ਦਿੱਤੀ। ੨੭ ਮਈ ਗੁਰੂ ਜੀ ਨੂੰ ਤਸੀਹੇ ਦੇ ਕੇ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਸਤਿਗੁਰੂ ਜੀ ਨੂੰ ਉਬਲਦੇ ਪਾਣੀ ਵਿਚ ਅਤੇ ਫਿਰ ਤੱਤੀ ਤਵੀ ਉੱਪਰ ਬੈਠਾ ਕੇ, ਸਿਰ ਵਿਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਜਾਂਦੇ ਰਹੇ, ਬਾਰ ਬਾਰ ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ, ਪਰ ਗੁਰੂ ਜੀ ਨਾ ਮੰਨੇ ਅਤੇ ਇਨਸਾਨੀਅਤ ਦੇ ਲਈ ਕਸ਼ਟ ਸਹਿੰਦੇ ਰਹੇ।

ਇਹ ਦੁੱਖ ਦੇਖ ਕੇ ਸਾਈਂ ਮੀਆਂ ਮੀਰ ਕੋਲੋਂ ਨ ਰਿਹਾ ਗਿਆ,ਗੁੱਸੇ ਵਿਚ ਆ ਕੇ ਕਹਿਣ ਲੱਗਾ, ਗੁਰੂ ਜੀ ਇਹਨਾਂ ਜ਼ਾਲਮਾਂ ਨੇ ਤੁਹਾਨੂੰ ਅੱਗ ਵਿਚ ਤਪਾ ਛੱਡਿਆ ਹੈ, ਤੁਹਾਡਾ ਸਰੀਰ ਦਾ ਚਮ ਝੁਲਸ ਰਿਹਾ ਹੈ , ਜੇਕਰ ਹੁਕਮ ਹੋਵੇ ਤਾਂ ਮੈਂ ਲਾਹੌਰ ਅਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦਿਆਂ ? ਗੁਰੂ ਜੀ ਨੇ ਕਿਸੇ ਵੀ ਕਰਾਮਾਤ ਨੂੰ ਦਿਖਾਉਣ ਤੋਂ ਅਤੇ ਕਿਸੇ ਵੀ ਦਰਬਾਰ ਵਿਚ ਪਹੁੰਚ ਕਰਨ ਤੋਂ ਇਨਕਾਰ ਕਰ ਦਿੱਤਾ, ਸਾਈਂ ਜੀ ਨੂੰ ਗੁਰੂ ਜੀ ਦੇ ਦਿੱਤੇ ਜਵਾਬ ਨੂੰ ਕਿਸੇ ਕਵੀ ਨੇ ਖੂਬ ਕਲਮਬੱਧ ਕੀਤਾ ਹੈ,

ਮੀਆਂ ਛੋਡੋ ਯਾਰੀ ਚਾਮ ਸੇ, ਕਿਆ ਹੂਆ ਤਨ ਤਪ ਰਹਾ ਹੈ, ਹਮ ਸਾਂਤ ਹੈ ਹਰੀ ਨਾਮ ਸੇ।
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਇਹਨਾਂ ਦੀ ਮੌਤ ਵੀ ਕੌਮ ਦੀ ਜ਼ਿਦਗੀ ਬਣਦੀ ਹੈ,
ਇੱਕ ਕਵੀ ਹੋਰ ਲਿਖਦਾ ਹੈ: ਸ਼ਹੀਦ ਕੀ ਜੋ ਮੌਤ ਹੈ,ਵੋ ਕੌਮ ਕੀ ਹਯਾਤ(ਜ਼ਿਦਗੀ) ਹੈ ,

ਵੋ ਹਯਾਤ ਤੋ ਹਯਾਤ ਹੈ, ਵੋ ਮੌਤ ਵੀ ਹਯਾਤ ਹੈ।

ਗੁਰੂ ਜੀ ਦਾ ਮਨ ਬੜਾ ਵਿਸ਼ਾਲ ਸੀ ਤੇ ਧੀਰਜ ਵਾਲਾ ਸੀ, ਸਰੀਰ ਭਾਵੇਂ ਤੁੰਬਾ ਤੁੰਬਾ ਹੋ ਚੁੱਕਾ ਸੀ, ਪਰ ਅਕਾਲ ਪੁਰਖ ਦੇ ਇਸ ਭਾਣੇ ਤੇ ਕੋਈ ਸ਼ਿਕਵਾ ਨਹੀਂ ਸੀ।ਸੰਸਾਰ ਨੂੰ ਸਿਖਿਆ ਦਿੰਦਿਆਂ ਉਹਨਾਂ ਸਮਝਾਇਆ ਕਿ ਦੁਖ ਤੇ ਸੁਖ, ਜੀਵਨ ਦੇ ਦੋ (ਕਪੜ ਰੂਪ) ਪਹਿਲੂ ਹਨ ,ਜਿਸ ਨੂੰ, ਮਨੁੱਖ ਨੂੰ ਪਾਉਣ ਲਈ ਹਮੇਂਸਾਂ ਤਿਆਰ ਰਹਿਣਾ ਚਾਹੀਦਾ ਹੈ, ਸਦੀਵੀ ਸੁੱਖ ਦੀ ਹੀ ਤਾਂਘ ਨਹੀਂ ਰੱਖਣੀ ਚਾਹੀਦੀ , ਪਰਮੇਸ਼ਰ ਦੀ ਰਜ਼ਾ ਤੇ ਕੋਈ ਸ਼ਿਕਵਾ ਨਹੀਂ ਕਰਣਾ ਚਾਹੀਦਾ :

ਨਾਨਕ ਬੋਲਣੁ ਝਖਣਾ,ਦੁਖ ਛਡਿ ਮੰਗੀਅਹਿ ਸੁਖ ॥
ਸੁਖੁ ਦੁਖੁ ਦੁਇ ਦਰਿ ਕਪੜੇ, ਪਹਿਰਹਿ ਜਾਇ ਮਨੁਖ ॥

ਇੰਝ ਲਗਦਾ ਸੀ ਕਿ ਤੱਤੀ ਤਵੀ ਤੇ ਬੈਠ ਕੇ ਵੀ ‘ਸ਼ਾਤੀ ਦੇ ਪੁੰਜ’ ਦੇ ਮੁਖੋਂ ਇਹ ਬੋਲ ਗੂੰਜ ਰਹੇ ਸਨ ;

ਤੇਰਾ ਕੀਆ ਮੀਠਾ ਲਾਗੈ, ਹਰਿ ਨਾਮੁ ਪਦਾਰਥੁ ਨਾਨਕ ਮਾਗੈ॥

ਅੰਤ ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ, ਗੁਰੂ ਜੀ ਦੇ ਸਰੀਰ ਨਾਲ ਪੱਥਰ ਬੰਨ ਕੇ ਉਹਨ੍ਹਾਂ ਨੂੰ ਰਾਵੀ ਵਿਚ ਰੋੜ ਦਿੱਤਾ ਗਿਆ।  ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ।
ਇਸ ਤਰਾਂ ਸਿਖ ਧਰਮ ਦਾ ਮਹਾਨ ਸੂਰਜ ਜੱਗ ਨੂੰ ਸ਼ਾਂਤੀ ,ਸਦਭਾਵਨਾ, ਨਿਰਮਲਤਾ, ਠੰਡਤਾ, ਪ੍ਰੇਮ, ਪਰਉਪਕਾਰਤਾ, ਸ਼ਹਾਦਤ ਦੇ ਸ਼ੁੱਭ ਗੁਣ ਸਿਖਾਂਉਦਾ ਸਰੀਰ ਕਰਕੇ ਭਾਵੇਂ ਅਸਤ ਹੋ ਗਿਆ, ਪਰ ਜੋਤ ਕਰਕੇ ਸਦਾ ਲਈ ਅਮਰ ਹੋ ਗਿਆ।

ਹਾੜ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ

15 ਜੂਨ 2018 ਦਿਨ ਸੁੱਕਰਵਾਰ ਹਾੜ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
 
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ, ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ । (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ) । (ਕੁਦਰਤਿ ਦਾ ਨਿਯਮ ਹੀ ਅੈਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ । (ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ । ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ) । ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ—ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ, (ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ । ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ।੫।

ਗੁਰਗੱਦੀ ਦਿਵਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਗੁਰ ਗੋਵਿੰਦ ਗੋਵਿੰਦੁ ਗੁਰੁ ਹਰਿਗੋਵਿੰਦੁ ਸਦਾ ਵਿਗਸੰਦਾ।
 ਗੁਰਗੱਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ (੧੬੦੬ ਈ: )
ਆਪ ਸਭ ਨੂੰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆ ਲੱਖ ਲੱਖ  ਵਧਾਈਆ ਹੋਣ ਜੀ।
ਵੱਲੋਂ-ਪ੍ਰਧਾਨ  ਬਾਬਾ ਸੁਰਜੀਤ ਸਿੰਘ ਜੀ, ਮੀਤ ਪ੍ਰਧਾਨ ਬਾਬਾ ਦਰਸ਼ਨ ਸਿੰਘ ਜੀ ਸਮੂਹ ਸੰਤ ਸੇਵਕ ਜਥਾ (ਬਹਿੰਗਮ) ਮਸਤੂਆਣਾ ਸਾਹਿਬ (ਸੰਗਰੂਰ)
ਫੋਨ ਨੰ.-01672-289837,289325 Whatsapp-94782-51026